1ਸੁਲੇਮਾਨ ਦਾ ਪਾਤਸ਼ਾਹ ਬਣਨਾ ਅਗਲੇ ਦਿਨ ਲੋਕਾਂ ਨੇ ਯਹੋਵਾਹ ਲਈ ਬਲੀਆਂ ਭੇਟ ਕੀਤੀਆਂ। ਉਨ੍ਹਾਂ ਯਹੋਵਾਹ ਲਈ ਹੋਮ ਦੀਆਂ ਭੇਟਾਂ ਚੜ੍ਹਾਈਆਂ। ਉਨ੍ਹਾਂ ਨੇ 1,000 ਬਲਦ, 1,000 ਛੱਤਰੇ, 1,000 ਲੇਲੇ ਚੜ੍ਹਾਏ। ਉਨ੍ਹਾਂ ਨੇ ਇਸਰਾਏਲ ਦੇ ਸਾਰੇ ਲੋਕਾਂ ਲਈ ਹੋਰ ਵੀ ਬਹੁਤ ਸਾਰੀਆਂ ਬਲੀਆਂ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ।"
2ਉਸ ਦਿਨ ਲੋਕ ਬੜੇ ਆਨੰਦ ਵਿੱਚ ਸਨ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਦੇ ਸੰਗ ਇਕੱਠਿਆਂ ਖਾਧਾ-ਪੀਤਾ। ਅਤੇ ਉਨ੍ਹਾਂ ਨੇ ਸੁਲੇਮਾਨ, ਦਾਊਦ ਦੇ ਪੁੱਤਰ ਨੂੰ ਦੂਸਰੀ ਵਾਰ ਰਾਜਾ ਬਣਾਇਆ। ਉਨ੍ਹਾਂ ਨੇ ਸੁਲੇਮਾਨ ਨੂੰ ਰਾਜੇ ਵਜੋਂ ਮਸਹ ਕੀਤਾ, ਅਤੇ ਉਨ੍ਹਾਂ ਨੇ ਸਾਦੋਕ ਨੂੰ ਜਾਜਕ ਵਜੋਂ ਮਸਹ ਕੀਤਾ। ਉਨ੍ਹਾਂ ਨੇ ਇਹ ਉਸੇ ਜਗ੍ਹਾ ਕੀਤਾ ਜਿੱਥੇ ਯਹੋਵਾਹ ਹਾਜ਼ਰ ਸੀ।"
3ਇਸ ਉਪਰੰਤ ਸੁਲੇਮਾਨ ਯਹੋਵਾਹ ਦੇ ਸਿੰਘਾਸਣ ਤੇ ਬੈਠਾ ਅਤੇ ਆਪਣੇ ਪਿਤਾ ਦਾਊਦ ਦੀ ਥਾਵੇਂ ਰਾਜਾ ਬਣਿਆ। ਸੁਲੇਮਾਨ ਆਪਣੇ ਕਾਰਜ ਵਿੱਚ ਬੜਾ ਸਫ਼ਲ ਸੀ ਅਤੇ ਸਾਰੇ ਇਸਰਾਏਲ ਦੇ ਲੋਕ ਉਸਦਾ ਹੁਕਮ ਮੰਨਦੇ ਸਨ।"
4ਸਾਰੇ ਆਗੂ, ਸਿਪਾਹੀ ਅਤੇ ਦਾਊਦ ਪਾਤਸ਼ਾਹ ਦੇ ਸਾਰੇ ਪੁੱਤਰਾਂ ਨੇ ਸੁਲੇਮਾਨ ਨੂੰ ਪਾਤਸ਼ਾਹ ਵਜੋਂ ਸਵੀਕਾਰ ਕੀਤਾ ਅਤੇ ਉਸਦਾ ਹੁਕਮ ਮੰਨਿਆ।"
5ਯਹੋਵਾਹ ਨੇ ਸੁਲੇਮਾਨ ਨੂੰ ਬਹੁਤ ਉੱਚਾ ਚੁੱਕਿਆ ਅਤੇ ਉਸ ਨੂੰ ਸ਼ਾਹੀ ਪਰਤਾਪ ਪ੍ਰਦਾਨ ਕੀਤਾ ਜਿਹਾ ਕਿ ਪਹਿਲਾਂ ਇਸਰਾਏਲ ਵਿੱਚ ਕਿਸੇ ਵੀ ਰਾਜੇ ਕੋਲ ਨਹੀਂ ਸੀ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਇਹ ਮਹਿਸੂਸ ਕੀਤਾ।"

6ਦਾਊਦ ਦੀ ਮੌਤ ਯੱਸੀ ਦਾ ਪੁੱਤਰ ਦਾਊਦ 40 ਵਰ੍ਹੇ ਇਸਰਾਏਲ ਉੱਪਰ ਪਾਤਸ਼ਾਹ ਰਿਹਾ। 7 ਸਾਲ ਦਾਊਦ ਨੇ ਹਬਰੋਨ ਵਿੱਚ ਰਾਜ ਕੀਤਾ। ਉਪਰੰਤ 33 ਸਾਲ ਦਾਊਦ ਨੇ ਯਰੂਸ਼ਲਮ ਵਿੱਚ ਰਾਜ ਕੀਤਾ।"
7ਦਾਊਦ ਦੀ ਮੌਤ ਉਸ ਵਕਤ ਹੋਈ ਜਦੋਂ ਉਹ ਬਹੁਤ ਬਿਰਧ ਹੋ ਗਿਆ ਸੀ। ਦਾਊਦ ਨੇ ਲੰਮੀ ਸੁਖੀ ਉਮਰ ਗੁਜ਼ਾਰੀ ਅਤੇ ਉਸ ਨੂੰ ਆਪਣੇ ਜੀਵਨ ਕਾਲ ਵਿੱਚ ਬਹੁਤ ਅਮੀਰੀ, ਸ਼ਾਨ ਅਤੇ ਇੱਜ਼ਤ ਹਾਸਿਲ ਹੋਈ। ਦਾਊਦ ਉਪਰੰਤ, ਉਸ ਦਾ ਪੁੱਤਰ ਸੁਲੇਮਾਨ ਨਵਾਂ ਪਾਤਸ਼ਾਹ ਬਣਿਆ।"
8ਦਾਊਦ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੀਕ ਦੇ ਕਾਰਨਾਮਿਆਂ ਦਾ ਬਿਰਤਾਂਤ, ਨਬੀ ਸਮੂਏਲ ਦੀ ਪੋਥੀ ਵਿੱਚ, ਨਾਥਾਨ ਨਬੀ ਦੀ ਪੋਥੀ ਵਿੱਚ ਅਤੇ ਨਬੀ ਗਦ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।"
9ਇਹ ਸਾਰੀਆਂ ਲਿਖਤਾਂ ਸਾਨੂੰ ਦਾਊਦ ਦੀਆਂ ਕਰਨੀਆਂ ਬਾਰੇ, ਜਦੋਂ ਉਹ ਇਸਰਾਏਲ ਦਾ ਰਾਜਾ ਸੀ, ਉਸਦੀ ਸ਼ਕਤੀ ਬਾਰੇ ਅਤੇ ਉਨ੍ਹਾਂ ਘਟਨਾਵਾਂ ਬਾਰੇ ਦੱਸਦੀਆਂ ਹਨ, ਜੋ ਉਸ ਨਾਲ ਵਾਪਰੀਆਂ। ਇਹ ਸਾਨੂੰ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਵੀ ਦੱਸਦੀਆਂ ਹਨ ਜੋ ਇਸਰਾਏਲ ਅਤੇ ਇਸਦੇ ਆਲੇ-ਦੁਆਲੇ ਦੀਆਂ ਕੌਮਾਂ ਨਾਲ ਵਾਪਰੀਆਂ।"
10ਸੁਲੇਮਾਨ ਦੀ ਬੁੱਧੀ ਲਈ ਮੰਗ ਸੁਲੇਮਾਨ ਬੜਾ ਸ਼ਕਤੀਸ਼ਾਲੀ ਰਾਜਾ ਬਣ ਗਿਆ ਕਿਉਂ ਕਿ ਯਹੋਵਾਹ ਉਸਦਾ ਪਰਮੇਸ਼ੁਰ ਉਸ ਦੇ ਨਾਲ ਸੀ, ਜਿਸਨੇ ਕਿ ਉਸ ਨੂੰ ਇੰਨਾ ਮਹਾਨ ਬਣਾਇਆ।"

11ਸੁਲੇਮਾਨ ਨੇ ਸਾਰੇ ਇਸਰਾਏਲ ਦੇ ਲੋਕਾਂ, ਕਪਤਾਨਾਂ, ਸਰਦਾਰਾਂ, ਨਿਆਂਕਾਰਾਂ, ਉੱਥੋਂ ਦੇ ਆਗੂਆਂ ਅਤੇ ਪਰਿਵਾਰਾਂ ਦੇ ਸਾਰੇ ਵੱਡੇਰਿਆਂ ਤੇ ਮੁਖੀਆਂ ਨਾਲ ਗੱਲਾਂ ਕੀਤੀਆਂ। ਤਦ ਸੁਲੇਮਾਨ ਅਤੇ ਸਾਰੀ ਸਭਾ ਮਿਲਕੇ ਉਸ ਉੱਚੇ ਥਾਂ ਜੋ ਗਿਬਓਨ ਵਿੱਚ ਸੀ, ਗਏ ਕਿਉਂ ਕਿ ਪਰਮੇਸ਼ੁਰ ਦਾ ਮੰਡਲੀ ਦਾ ਤੰਬੂ ਉੱਥੇ ਸੀ। ਇਸ ਨੂੰ ਯਹੋਵਾਹ ਦੇ ਦਾਸ ਮੂਸਾ ਨੇ ਉਜਾੜ ਵਿੱਚ ਬਣਾਇਆ ਸੀ, ਜਦੋਂ ਉਹ ਤੇ ਇਸਰਾਏਲ ਦੇ ਲੋਕ ਉਜਾੜ ਵਿੱਚ ਸਨ।"
12ਦਾਊਦ ਪਰਮੇਸ਼ੁਰ ਦੇ ਇਕਰਾਰਨਾਮੇ ਦੇ ਸੰਦੂਕ ਨੂੰ ਕਿਰਯਥ-ਯਆਰੀਮ ਤੋਂ ਯਰੂਸ਼ਲਮ ਵਿੱਚ ਲੈ ਆਇਆ ਸੀ ਕਿਉਂ ਕਿ ਦਾਊਦ ਨੇ ਉਸ ਲਈ ਯਰੂਸ਼ਲਮ ਵਿੱਚ ਇੱਕ ਤੰਬੂ ਖੜ੍ਹਾ ਕੀਤਾ ਸੀ। ਇਸ ਲਈ ਉਹ ਉਸ ਨੂੰ ਇਸ ਥਾਂ ਤੇ ਲੈ ਆਇਆ ਸੀ।"
13ਊਰੀ ਦੇ ਪੁੱਤਰ ਬਸਲਿਏਲ ਨੇ ਪਿੱਤਲ ਦੀ ਇੱਕ ਜਗਵੇਦੀ ਬਣਾਈ ਅਤੇ ਉਹ ਪਿੱਤਲ ਦੀ ਜਗਵੇਦੀ ਗਿਬਓਨ ਵਿੱਚ ਪਵਿੱਤਰ ਤੰਬੂ ਦੇ ਸਾਹਮਣੇ ਸੀ ਇਸ ਲਈ ਸੁਲੇਮਾਨ ਅਤੇ ਬਾਕੀ ਸਾਰੇ ਲੋਕ ਯਹੋਵਾਹ ਕੋਲ ਮੱਤ ਲੈਣ ਲਈ ਗਿਬਓਨ ਵਿੱਚ ਗਏ।"
14ਸੁਲੇਮਾਨ ਉਸ ਯਹੋਵਾਹ ਦੇ ਸਾਹਮਣੇ ਵਾਲੀ ਪਿੱਤਲ ਦੀ ਜਗਵੇਦੀ ਜਿਹੜੀ ਉੱਚੇ ਥਾਂ ਸੀ ਅਤੇ ਮੰਡਲੀ ਦੇ ਤੰਬੂ ਕੋਲ ਸੀ ਉੱਥੇ ਗਿਆ। ਸੁਲੇਮਾਨ ਨੇ ਉੱਥੇ 1,000 ਹੋਮ ਦੀਆਂ ਭੇਟਾਂ ਚੜ੍ਹਾਈਆਂ।"
15ਉਸ ਰਾਤ ਪਰਮੇਸ਼ੁਰ ਨੇ ਸੁਲੇਮਾਨ ਨੂੰ ਦਰਸ਼ਨ ਦਿੱਤਾ ਅਤੇ ਕਿਹਾ, “ਸੁਲੇਮਾਨ, ਮੰਗ, ਮੈਂ ਤੈਨੂੰ ਕੀ ਦੇਵਾਂ!”"

16ਸੁਲੇਮਾਨ ਨੇ ਪਰਮੇਸ਼ੁਰ ਨੂੰ ਆਖਿਆ, “ਤੁਸੀਂ ਆਪ ਮੇਰੇ ਪਿਤਾ ਦਾਊਦ ਉੱਪਰ ਇੰਨੀ ਦਯਾ ਕੀਤੀ ਹੈ ਅਤੇ ਮੇਰੇ ਪਿਤਾ ਵਾਲੇ ਅਸਥਾਨ ਤੇ ਤੁਸੀਂ ਮੈਨੂੰ ਨਵਾਂ ਪਾਤਸ਼ਾਹ ਚੁਣਿਆ ਹੈ।"
17ਸੋ ਯਹੋਵਾਹ ਪਰਮੇਸ਼ੁਰ, ਤੂੰ ਮੇਰੇ ਪਿਤਾ ਦਾਊਦ ਨਾਲ ਕੀਤਾ ਇਕਰਾਰ ਪੂਰਾ ਕਰ ਕਿਉਂ ਕਿ ਤੂੰ ਮੈਨੂੰ ਧਰਤੀ ਦੀ ਧੂੜ ਜਿੰਨੀ ਗਿਣਤੀ ਦੇ ਲੋਕਾਂ ਦਾ ਰਾਜਾ ਬਣਾਇਆ ਹੈ।"
18ਹੁਣ ਤੁਸੀਂ ਮੈਨੂੰ ਬੁੱਧ ਅਤੇ ਗਿਆਨ ਦੇਵੋ ਤਾਂ ਜੋ ਮੈਂ ਇਨ੍ਹਾਂ ਲੋਕਾਂ ਨੂੰ ਸਹੀ ਢੰਗ ਨਾਲ ਚੱਲਾ ਸੱਕਾਂ। ਕਿਉਂ ਕਿ ਕੋਈ ਵੀ ਤੁਹਾਡੀ ਕਿਰਪਾ ਬਿਨਾ ਇਸ ਦੁਨੀਆਂ ਨੂੰ ਨਹੀਂ ਚੱਲਾ ਸੱਕਦਾ।”"
19ਪਰਮੇਸ਼ੁਰ ਨੇ ਸੁਲੇਮਾਨ ਨੂੰ ਆਖਿਆ, “ਤੂੰ ਨਿਰਪੱਖ ਬਿਨ ਸਵਾਰਥ ਦਾ ਫ਼ੈਸਲਾ ਕੀਤਾ ਹੈ। ਨਾ ਤੂੰ ਦੌਲਤ ਮੰਗੀ, ਨਾ ਅਮੀਰੀ, ਮਾਨ-ਵਡਿਆਈ ਅਤੇ ਰੁਤਬਾ। ਤੂੰ ਆਪਣੇ ਵੈਰੀਆਂ ਦਾ ਨਾਸ ਕਰਨ ਨੂੰ ਵੀ ਨਹੀਂ ਕਿਹਾ ਅਤੇ ਨਾ ਹੀ ਤੂੰ ਆਪਣੇ ਲਈ ਵੱਡੀ ਉਮਰ ਦੀ ਮੰਗ ਕੀਤੀ। ਤੂੰ ਇਹ ਸਭ ਕੁਝ ਮੰਗਣ ਦੀ ਥਾਵੇਂ ਬੁੱਧ-ਵਿਵੇਕ ਦੀ ਮੰਗ ਕੀਤੀ ਇਸ ਲਈ ਕਿ ਤੂੰ ਮੇਰੀ ਪਰਜਾ ਦਾ ਸਹੀ ਨਿਆਂ ਕਰ ਸੱਕੇਂ, ਜਿਸ ਦਾ ਮੈਂ ਤੈਨੂੰ ਪਾਤਸ਼ਾਹ ਠਹਿਰਾਇਆ ਹੈ।"
20ਇਸ ਲਈ ਮੈਂ ਤੈਨੂੰ ਬੁੱਧੀ ਅਤੇ ਗਿਆਨ ਦੇਵਾਂਗਾ ਪਰ ਇਸਦੇ ਨਾਲ ਹੀ ਮੈਂ ਤੈਨੂੰ ਧਨ, ਦੌਲਤ, ਅਮੀਰੀ, ਮਾਨ-ਵਡਿਆਈ ਇਹ ਸਭ ਕੁਝ ਵੀ ਦੇਵਾਂਗਾ ਅਤੇ ਉਹ ਵੀ ਇੰਨਾ ਕਿ ਜੋ ਤੇਰੇ ਤੋਂ ਪਹਿਲਾ ਜਾਂ ਤੇਰੇ ਤੋਂ ਬਾਅਦ ਵਿੱਚ ਆਉਣ ਵਾਲੇ ਕਿਸੇ ਵੀ ਪਾਤਸ਼ਾਹ ਨੂੰ ਨਾ ਕਦੇ ਮਿਲਿਆ ਹੋਵੇਗਾ ਅਤੇ ਨਾ ਹੀ ਭਵਿੱਖ ਵਿੱਚ ਕਿਸੇ ਨੂੰ ਇੰਨਾ ਮਿਲੇਗਾ।”"

21ਤਦ ਸੁਲੇਮਾਨ ਗਿਬਓਨ ਵਿੱਚ ਉਪਾਸਨਾ ਵਾਲੇ ਅਸਥਾਨ ਤੇ ਗਿਆ। ਫ਼ਿਰ ਉਹ ਮੰਡਲੀ ਵਾਲੇ ਤੰਬੂ ਤੋਂ ਮੁੜ ਕੇ ਯਰੂਸ਼ਲਮ ਵਿੱਚ ਵਾਪਸ ਚੱਲਾ ਗਿਆ। ਉੱਥੇ ਇਸਰਾਏਲ ਦੇ ਨਵੇਂ ਪਾਤਸ਼ਾਹ ਵਜੋਂ ਰਾਜ ਕਰਨ ਲੱਗਾ।"
22ਸੁਲੇਮਾਨ ਦਾ ਆਪਣੀ ਫ਼ੌਜ ਅਤੇ ਧਨ ਬਨਾਉਣਾ ਸੁਲੇਮਾਨ ਨੇ ਆਪਣੀ ਸੈਨਾ ਲਈ ਘੋੜੇ ਅਤੇ ਰੱਥ ਇਕੱਠੇ ਕਰਨੇ ਸ਼ੁਰੂ ਕੀਤੇ। ਉਸ ਕੋਲ 1,400 ਰੱਥ ਅਤੇ 12,000 ਘੁੜਸਵਾਰ ਸਨ। ਸੁਲੇਮਾਨ ਨੇ ਉਨ੍ਹਾਂ ਨੂੰ ਰੱਥਾਂ ਦੇ ਸ਼ਹਿਰ ਵਿੱਚ ਰੱਖਿਆ। ਕੱਝ ਨੂੰ ਸੁਲੇਮਾਨ ਨੇ ਯਰੂਸ਼ਲਮ ਵਿੱਚ ਜਿੱਥੇ ਪਾਤਸ਼ਾਹ ਦਾ ਮਹਿਲ ਸੀ ਉੱਥੇ ਰੱਖਿਆ।"
23ਯਰੂਸ਼ਲਮ ਵਿੱਚ, ਸੁਲੇਮਾਨ ਨੇ ਇੰਨਾ ਸੋਨਾ ਅਤੇ ਚਾਂਦੀ ਇੱਕਤ੍ਰ ਕੀਤਾ ਕਿ ਇਹ ਚੱਟਾਨਾਂ ਵਾਂਗ ਆਮ ਸੀ। ਉਸ ਨੇ ਇੰਨਾ ਦਿਆਰ ਇੱਕਤਰ ਕੀਤਾ ਕਿ ਇਹ ਸ਼ੇਫ਼ਲਾਹ ਦੇ ਗੂਲਰ ਦੇ ਰੁੱਖਾਂ ਜਿੰਨਾ ਅਧਿਕ ਸੀ।"
24ਸੁਲੇਮਾਨ ਘੋੜੇ ਮਿਸਰ ਅਤੇ ਸਿਲੀਸੀਆਂ ਤੋਂ ਮੰਗਵਾਉਂਦਾ ਸੀ।"
25ਸੁਲੇਮਾਨ ਦੇ ਵਿਉਪਾਰੀ ਮਿਸਰ ਤੋਂ ਇੱਕ ਰੱਥ ਚਾਂਦੀ ਦੇ 15 ਪੌਂਡ ਦਾ ਅਤੇ ਇੱਕ ਘੋੜਾ ਚਾਂਦੀ ਦੇ 3 3/4 ਪੌਂਡ ਦਾ ਖਰੀਦਦੇ ਸਨ। ਫ਼ੇਰ ਉਨ੍ਹਾਂ ਨੇ ਇਹ ਘੋੜੇ ਅਤੇ ਰੱਥ ਹਿੱਤੀ ਲੋਕਾਂ ਦੇ ਰਾਜਿਆਂ ਅਤੇ ਆਰਾਮ ਦੇ ਰਾਜਿਆਂ ਨੂੰ ਵੇਚ ਦਿੱਤੇ।"

26ਸੁਲੇਮਾਨ ਦੀ ਮੰਦਰ ਅਤੇ ਮਹਿਲ ਲਈ ਵਿਉਂਤ ਸੁਲੇਮਾਨ ਨੇ ਯਹੋਵਾਹ ਦੇ ਨਾਂ ਦੀ ਵਡਿਆਈ ਲਈ ਇੱਕ ਮੰਦਰ ਬਨਵਾਉਣ ਦੀ ਵਿਉਂਤ ਬਣਾਈ ਅਤੇ ਆਪਣੇ ਲਈ ਇੱਕ ਮਹਿਲ ਬਨਵਾਉਣ ਦੀ ਸੋਚੀ।"
27ਸੁਲੇਮਾਨ ਨੇ 70,000 ਮਨੁੱਖ ਭਾਰ ਢੋਣ ਲਈ, 80,000 ਮਨੁੱਖ ਪੱਥਰ ਕੱਟਣ ਲਈ ਅਤੇ 3,600 ਮਨੁੱਖ ਉਨ੍ਹਾਂ ਦੀ ਨਿਗਰਾਨੀ ਲਈ ਰੱਖੇ।"
28ਤਦ ਸੁਲੇਮਾਨ ਨੇ ਹੂਰਾਮ ਨੂੰ ਜੋ ਕਿ ਸੂਰ ਦੇਸ ਦਾ ਰਾਜਾ ਸੀ ਸੁਨੇਹਾ ਭੇਜਿਆ, “ਮੇਰੀ ਵੀ ਉਵੇਂ ਮਦਦ ਕਰ ਜਿਵੇਂ ਤੂੰ ਮੇਰੇ ਪਿਤਾ ਦਾਊਦ ਦੀ ਕੀਤੀ ਸੀ। ਉਸ ਦੇ ਰਹਿਣ ਲਈ ਜਿਹੜਾ ਮਹਿਲ ਬਣਿਆ ਉਸ ਲਈ ਤੂੰ ਦਿਆਰ ਦੀ ਲੱਕੜ ਭੇਜੀ ਸੀ।"
29ਮੈਂ ਵੀ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਮੰਦਰ ਬਨਾਉਣ ਲੱਗਾ ਹਾਂ। ਉਸ ਦੇ ਸਨਮਾਨ ਲਈ ਉਸ ਦੇ ਸਾਹਵੇਂ ਉਸ ਮੰਦਰ ਵਿੱਚ ਅਸੀਂ ਧੂਪ ਧੁਖਾਵਾਂਗੇ ਅਤੇ ਉਸ ਵਿਸ਼ੇਸ਼ ਮੇਜ਼ ਉੱਪਰ ਹਮੇਸ਼ਾ ਪਵਿੱਤਰ ਰੋਟੀ ਅਰਪਣ ਕਰਾਂਗੇ। ਹਰ ਸਵੇਰ-ਸ਼ਾਮ ਅਤੇ ਹਰ ਸਬਤ ਦੇ ਦਿਨ ਅਤੇ ਅਮੱਸਿਆ ਦੇ ਪਰਬ ਤੇ ਹੋਮ ਦੀਆਂ ਭੇਟਾਂ ਚੜ੍ਹਾਵਾਂਗੇ ਅਤੇ ਹੋਰ ਵੀ ਜਿਹੜੇ ਪਰਬ ਤੇ ਤਿਉਹਾਰ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਮਨਾਉਣ ਦਾ ਆਦੇਸ਼ ਦਿੱਤਾ ਹੈ, ਉਨ੍ਹਾਂ ਨੂੰ ਮਨਾਵਾਂਗੇ। ਇਹ ਹੁਕਮ ਇਸਰਾਏਲ ਦੇ ਲੋਕਾਂ ਲਈ ਮੰਨਣਾ ਹਮੇਸ਼ਾ ਵਾਸਤੇ ਹੈ।"
30“ਸਾਡਾ ਪਰਮੇਸ਼ੁਰ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ, ਇਸ ਲਈ ਮੈਂ ਉਸ ਲਈ ਮਹਾਨ ਮੰਦਰ ਬਣਾਵਾਂਗਾ।"

31ਪਰ ਉਸ ਲਈ ਮੰਦਰ ਬਨਵਾਉਣ ਦੇ ਸਮਰੱਥ ਕੌਣ ਹੈ? ਜਦੋਂ ਕਿ ਅਕਾਸ਼ ਅਤੇ ਸਭ ਤੋਂ ਉੱਚੇ ਅਕਾਸ਼ ਵੀ ਉਸ ਲਈ ਕਾਫ਼ੀ ਜਗ੍ਹਾ ਨਹੀਂ ਹਨ, ਤਾਂ ਭਲਾ ਉਸ ਲਈ ਮੰਦਰ ਬਨਾਉਣ ਵਾਲਾ ਮੈਂ ਕੌਣ ਹੁੰਦਾ ਹਾਂ? ਮੈਂ ਤਾਂ ਸਿਰਫ਼ ਉਸ ਦੇ ਮਾਨ ਵਿੱਚ ਧੂਫ਼ ਧੁਖਾਉਣ ਲਈ ਇੱਕ ਜਗ੍ਹਾ ਹੀ ਬਣਾ ਸੱਕਦਾ ਹਾਂ।"
32“ਸੋ, ਹੁਣ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਕੋਲ ਅਜਿਹਾ ਮਨੁੱਖ ਭੇਜ ਜੋ ਸੋਨੇ, ਤੇ ਚਾਂਦੀ, ਪਿੱਤਲ ਅਤੇ ਲੋਹੇ ਦਾ ਕੰਮ ਕਰਨ ਵਿੱਚ ਅਤੇ ਨੀਲੇ, ਬੈਂਗਣੀ ਅਤੇ ਕਿਰਮਚੀ ਕੱਪੜੇ ਉੱਪਰ ਕੰਮ ਕਰਨ ਵਿੱਚ ਮਾਹਿਰ ਹੋਵੇ। ਇਹ ਮਾਹਰ ਯਹੂਦਾਹ ਅਤੇ ਯਰੂਸ਼ਲਮ ਵਿੱਚ ਉਨ੍ਹਾਂ ਮਾਹਰਾ ਨਾਲ ਕੰਮ ਕਰੇਗਾ ਜਿਨ੍ਹਾਂ ਨੂੰ ਮੇਰੇ ਪਿਤਾ ਦਾਊਦ ਨੇ ਚੁਣਿਆ ਸੀ।"
You have read 1Chronicles 23
32 verses